ਜੇ ਬਤੌਰ ਸੂਬੇ ਦੇ ਗ੍ਰਹਿ ਮੰਤਰੀ ਭਗਵੰਤ ਮਾਨ ਕੋਲ ਇਹ ਪੁਖਤਾ ਜਾਣਕਾਰੀ ਹੈ ਕਿ ਹਾਲੀਆ ਬੰਬ ਧਮਾਕਿਆਂ ਪਿੱਛੇ ਭਾਜਪਾ ਦੀ ਭੂਮਿਕਾ ਹੈ, ਤਾਂ ਇਹ ਬਹੁਤ ਗੰਭੀਰ ਦਾਅਵਾ ਹੈ। ਮੁੱਖ ਮੰਤਰੀ ਨੂੰ ਤੁਰੰਤ ਇਸ ਪਿੱਛੇ ਦੀ ਪੂਰੀ ਸਾਜ਼ਿਸ਼ ਬੇਨਕਾਬ ਕਰਦਿਆਂ ਪੂਰੀ ਜਾਣਕਾਰੀ ਲੋਕਾਂ ਸਾਹਮਣੇ ਰੱਖਣੀ ਚਾਹੀਦੀ ਹੈ।
ਸਭ ਤੋਂ ਅਹਿਮ ਗੱਲ ਇਹ ਵੀ ਹੈ ਕਿ 2017 ਚੋਣਾਂ ਤੋਂ ਪਹਿਲਾਂ ਹੋਏ ਮੌੜ ਮੰਡੀ ਬੰਬ ਧਮਾਕੇ ਵਿੱਚ ਸਾਲਾਂ ਦੀ ਜਾਂਚ ਤੋਂ ਬਾਅਦ ਜਦੋਂ ਤਾਰਾਂ ਸੌਦਾ ਸਾਧ ਨਾਲ ਜਾ ਕੇ ਜੁੜੀਆਂ, ਤਾਂ ਉਸ ਮਾਮਲੇ ਵਿੱਚ ਵੀ ਅੱਜ ਤੱਕ ਢੁੱਕਵੀਂ ਕਾਰਵਾਈ ਨਹੀਂ ਹੋਈ। ਜੇ ਸਾਜ਼ਿਸ਼ ਦੇ ਤੱਤ ਸਾਹਮਣੇ ਆ ਚੁੱਕੇ ਸਨ, ਤਾਂ ਕਾਰਵਾਈ ਕਿਉਂ ਨਹੀਂ ਹੋਈ-ਇਹ ਵੀ ਸਪੱਸ਼ਟ ਹੋਣਾ ਚਾਹੀਦਾ ਹੈ।
ਪਿਛਲੇ ਮਹੀਨਿਆਂ ਵਿੱਚ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਵੱਲੋਂ ਵੀ ਚੋਣਾਂ ਤੋਂ ਪਹਿਲਾਂ ਬੰਬ ਧਮਾਕੇ ਕਰਵਾਉਣ ਬਾਰੇ ਗੰਭੀਰ ਖੁਲਾਸਾ ਕੀਤਾ ਗਿਆ ਸੀ, ਉਸ ਮਾਮਲੇ ਵਿੱਚ ਵੀ ਪੂਰੀ ਜਾਣਕਾਰੀ ਸਾਹਮਣੇ ਆਉਣੀ ਚਾਹੀਦੀ ਹੈ।
ਮੁੱਖ ਮੰਤਰੀ ਨੂੰ ਇਹਨਾਂ ਸਾਰੇ ਮਾਮਲਿਆਂ ‘ਤੇ ਪੂਰੀ ਪਾਰਦਰਸ਼ਤਾ ਨਾਲ ਆਪਣਾ ਪੱਖ ਰੱਖਣਾ ਚਾਹੀਦਾ ਹੈ, ਤਾਂ ਜੋ ਲੋਕਾਂ ਦਾ ਭਰੋਸਾ ਬਣੇ ਅਤੇ ਸੱਚਾਈ ਸਾਹਮਣੇ ਆ ਸਕੇ।